ਟੋਰਾਂਟੋ 22 ਸਤੰਬਰ - ਕੈਨੇਡਾ ਦੀ ਸੰਸਦ ਦਾ ਨਵਾਂ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਐਤਵਾਰ ਨੂੰ ਦੇਸ਼ ਦੇ ਕਈ ਸ਼ਹਿਰਾਂ ਵਿੱਚ ਹਜ਼ਾਰਾਂ ਪਰਵਾਸੀਆਂ, ਕੌਮਾਂਤਰੀ ਵਿਦਿਆਰਥੀਆਂ, ਸ਼ਰਨਾਰਥੀਆਂ ਅਤੇ ਗੈਰ-ਦਸਤਾਵੇਜ਼ੀ ਲੋਕਾਂ ਨੇ ਰੋਸ ਪ੍ਰਦਰਸ਼ਨ ਕੀਤੇ। ਪ੍ਰਦਰਸ਼ਨਕਾਰੀਆਂ ਨੇ ਕੈਨੇਡਾ ਵਿੱਚ ਰਹਿ ਰਹੇ ਪਰਵਾਸੀਆਂ ਲਈ ਪੱਕੀ ਰਿਹਾਇਸ਼ (PR) ਦਾ ਰਸਤਾ ਖੋਲ੍ਹਣ ਅਤੇ ਡਿਪੋਰਟੇਸ਼ਨ ਰੋਕਣ ਦੀ ਮੰਗ ਕੀਤੀ।
ਟੋਰਾਂਟੋ ਵਿੱਚ ਰੋਸ ਮਾਰਚ ਦੁਪਹਿਰ 2 ਵਜੇ ਕ੍ਰਿਸਟੀ ਪਿਟਸ ਪਾਰਕ ਤੋਂ ਸ਼ੁਰੂ ਹੋ ਕੇ ਡਫਰਿਨ ਗਰੋਵ ਪਾਰਕ ਤੱਕ ਪਹੁੰਚਿਆ। ਟੋਰਾਂਟੋ ਪੁਲੀਸ ਮੁਤਾਬਕ ਇਸ ਮਾਰਚ ਵਿੱਚ ਕਰੀਬ 600 ਲੋਕਾਂ ਨੇ ਸ਼ਮੂਲੀਅਤ ਕੀਤੀ।
‘ਮਾਈਗ੍ਰੈਂਟ ਵਰਕਰਜ਼ ਅਲਾਇੰਸ ਫ਼ਾਰ ਚੇਂਜ’ ਦੀ ਅਗਵਾਈ ਹੇਠ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿੱਚ ਇਸੇ ਮੁੱਦੇ ਨੂੰ ਲੈ ਕੇ 11 ਰੋਸ ਮਾਰਚ ਕੱਢੇ ਗਏ। ਪ੍ਰਦਰਸ਼ਨਕਾਰੀਆਂ ਨੇ ਸਰਕਾਰ ਤੋਂ ਪਰਵਾਸੀਆਂ ਦੀ ਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ ਸਥਾਈ ਰਿਹਾਇਸ਼ ਲਈ ਸਪੱਸ਼ਟ ਅਤੇ ਸਥਾਈ ਰਸਤਾ ਮੁਹੱਈਆ ਕਰਵਾਉਣ ਦੀ ਮੰਗ ਕੀਤੀ।