ਲੁਧਿਆਣਾ ਨੇੜੇ ਪਿੰਡ ਰੱਤੋਵਾਲ ਦੀ 49 ਸਾਲਾ ਕਰਮਜੀਤ ਕੌਰ ਨੇ ਖੇਤੀਬਾੜੀ ਅਤੇ ਡੇਅਰੀ ਦਾ ਸਫਲ ਕਾਰੋਬਾਰ ਖੜ੍ਹਾ ਕੀਤਾ ਹੈ। ਉਹ 110 ਤੋਂ ਵੱਧ ਗਾਂਵਾਂ ਅਤੇ ਮੱਝਾਂ ਦੀ ਦੇਖਭਾਲ ਕਰ ਰਹੀ ਹੈ। ਉਨ੍ਹਾਂ ਦੇ ਫਾਰਮ ਤੋਂ ਰੋਜ਼ਾਨਾ ਲਗਭਗ 10 ਕੁਇੰਟਲ ਦੁੱਧ ਪੈਦਾ ਹੁੰਦਾ ਹੈ, ਜਿਸ ਨੂੰ ਉਹ ਖੁਦ ਸਥਾਨਕ ਖਪਤਕਾਰਾਂ ਤੱਕ ਪਹੁੰਚਾਉਂਦੀ ਹੈ। ਇਸ ਕੰਮ ਲਈ ਉਹ ਮੋਟਰਸਾਈਕਲਾਂ, ਆਟੋ-ਰਿਕਸ਼ਿਆਂ, ਟਰੈਕਟਰਾਂ ਅਤੇ ਐੱਸਯੂਵੀ ਸਮੇਤ ਵੱਖ-ਵੱਖ ਵਾਹਨਾਂ ਦੀ ਵਰਤੋਂ ਕਰਦੀ ਹੈ।
ਡੇਅਰੀ ਦੇ ਨਾਲ-ਨਾਲ ਕਰਮਜੀਤ ਕੌਰ 35 ਏਕੜ ਜ਼ਮੀਨ ’ਤੇ ਖੇਤੀਬਾੜੀ ਵੀ ਸੰਭਾਲ ਰਹੀ ਹੈ। ਉਨ੍ਹਾਂ ਦੀ ਕਾਰੋਬਾਰੀ ਸਫਲਤਾ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਦੇ ਛੋਟੇ ਭਰਾ ਨੇ ਕੈਨੇਡਾ ਦੀ ਪੀ.ਆਰ. (ਪਰਮਾਨੈਂਟ ਰੈਜ਼ੀਡੈਂਸੀ) ਛੱਡ ਕੇ ਪੰਜਾਬ ਵਾਪਸ ਆਉਣ ਅਤੇ ਪਰਿਵਾਰਕ ਕਾਰੋਬਾਰ ਵਿੱਚ ਹੱਥ ਵਟਾਉਣ ਦਾ ਫ਼ੈਸਲਾ ਕੀਤਾ।
ਕਰਮਜੀਤ ਕੌਰ ਨੇ ਸਮਾਜਿਕ ਉਮੀਦਾਂ ਅਤੇ ਰਿਸ਼ਤੇਦਾਰਾਂ ਵੱਲੋਂ ਵਿਆਹ ਲਈ ਬਣਾਏ ਜਾਂਦੇ ਦਬਾਅ ਨੂੰ ਨਜ਼ਰਅੰਦਾਜ਼ ਕਰਦਿਆਂ ਆਪਣੀ ਜ਼ਿੰਦਗੀ ਵਿੱਚ ਖੁਦਮੁਖਤਿਆਰੀ ਅਤੇ ਆਤਮਨਿਰਭਰਤਾ ਨੂੰ ਤਰਜੀਹ ਦਿੱਤੀ। ਉਹ ਆਪਣੀ ਕਾਮਯਾਬੀ ਦਾ ਸਿਹਰਾ ਆਤਮਨਿਰਭਰਤਾ ਅਤੇ ਮਾਪਿਆਂ ਵੱਲੋਂ ਮਿਲੇ ਨਿਰੰਤਰ ਸਹਿਯੋਗ ਨੂੰ ਦਿੰਦੀ ਹੈ। ਉਹ ਕਹਿੰਦੀ ਹੈ ਕਿ ਆਪਣੇ ਕਾਰੋਬਾਰ ਨੇ ਉਸ ਨੂੰ ਆਰਥਿਕ ਆਜ਼ਾਦੀ, ਨਿੱਜੀ ਫ਼ੈਸਲੇ ਖੁਦ ਲੈਣ ਦੀ ਸਮਰੱਥਾ ਅਤੇ ਵਿਦੇਸ਼ਾਂ ਦੀ ਯਾਤਰਾ ਕਰਨ ਦਾ ਮੌਕਾ ਦਿੱਤਾ ਹੈ।