ਸਮਾਣਾ (ਪਟਿਆਲਾ), 28 ਸਤੰਬਰ - ਸਾਬਕਾ ਕੈਬਨਿਟ ਮੰਤਰੀ ਅਤੇ 'ਆਪ' ਦੇ ਵਿਧਾਨ ਸਭਾ ਹਲਕਾ ਸਮਾਣਾ ਦੇ ਇੰਚਾਰਜ ਸੁਰਜੀਤ ਸਿੰਘ ਰੱਖੜਾ ਨੇ ਭਾਜਪਾ ਵੱਲੋਂ ਪੰਜਾਬ ਭਰ ’ਚ ਕੱਢੀ ਜਾ ਰਹੀ ਨਸ਼ਾ ਮੁਕਤ ਪੰਜਾਬ ਯਾਤਰਾ ਨੂੰ ਸਿਰਫ਼ ਸਿਆਸੀ ਪ੍ਰਚਾਰ ਕਰਾਰ ਦਿੰਦਿਆਂ ਕਿਹਾ ਕਿ ਇਸ ਯਾਤਰਾ ਦੇ ਨਾਂ ’ਤੇ ਪੰਜਾਬ ਦੇ ਮਾਹੌਲ ਨੂੰ ਸਿਆਸੀ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸ. ਰੱਖੜਾ ਨੇ ਗੱਲਬਾਤ ਦੌਰਾਨ ਕਿਹਾ ਕਿ ਨਸ਼ਿਆਂ ਖ਼ਿਲਾਫ਼ ਹਰ ਇਮਾਨਦਾਰ ਆਵਾਜ਼ ਦਾ ਸਵਾਗਤ ਹੈ, ਪਰ ਭਾਜਪਾ ਦੀ ਇਸ ਯਾਤਰਾ ਪਿੱਛੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਬਜਾਏ ਆਮ ਆਦਮੀ ਪਾਰਟੀ ਖ਼ਿਲਾਫ਼ ਸਿਆਸੀ ਹਿੱਤ ਹੀ ਨਜ਼ਰ ਆ ਰਹੇ ਹਨ।
ਕੇਂਦਰ ਸਰਕਾਰ 'ਤੇ ਸਵਾਲ ਚੁੱਕਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਦੀ 50 ਕਿਲੋਮੀਟਰ ਕੌਮਾਂਤਰੀ ਸਰਹੱਦ ਬੀਐੱਸਐੱਫ ਦੇ ਅਧੀਨ ਹੈ, ਜੋ ਸਿੱਧੇ ਕੇਂਦਰ ਸਰਕਾਰ ਦੇ ਕੰਟਰੋਲ ਵਿੱਚ ਆਉਂਦੀ ਹੈ। ਉਨ੍ਹਾਂ ਸਵਾਲ ਕੀਤਾ ਕਿ ਗੁਜਰਾਤ ਦੀਆਂ ਬੰਦਰਗਾਹਾਂ ਅਤੇ ਰਾਜਸਥਾਨ ਦੀ ਸਰਹੱਦ ਤੋਂ ਆਉਂਦੀਆਂ ਨਸ਼ੇ ਦੀਆਂ ਖੇਪਾਂ ਨੂੰ ਰੋਕਣ ਵਿੱਚ ਭਾਜਪਾ ਕਿਉਂ ਨਾਕਾਮ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਹੱਦੀ ਸੁਰੱਖਿਆ ਕੇਂਦਰ ਦਾ ਵਿਸ਼ਾ ਹੈ, ਤਾਂ ਯਾਤਰਾ ਪੰਜਾਬ ਦੀ ਬਜਾਏ ਦਿੱਲੀ ਵਿੱਚ ਕੱਢਣੀ ਚਾਹੀਦੀ ਸੀ।
ਸ. ਰੱਖੜਾ ਨੇ ਕਿਹਾ ਕਿ ਹਰਿਆਣਾ ਅਤੇ ਗੁਜਰਾਤ ਸਮੇਤ ਕਈ ਭਾਜਪਾ ਸ਼ਾਸਿਤ ਰਾਜਾਂ ਵਿੱਚ ਵੀ ਨਸ਼ਿਆਂ ਦੀ ਗੰਭੀਰ ਸਮੱਸਿਆ ਹੈ, ਪਰ ਉੱਥੇ ਭਾਜਪਾ ਕੋਈ ਯਾਤਰਾ ਨਹੀਂ ਕੱਢ ਰਹੀ। ਸਿਰਫ਼ ਪੰਜਾਬ ਨੂੰ ਨਿਸ਼ਾਨਾ ਬਣਾਏ ਜਾਣ ਨਾਲ ਇਹ ਸਵਾਲ ਸੁਭਾਵਿਕ ਹੀ ਉੱਠਦਾ ਹੈ ਕਿ ਕੀ ਇਹ ਸੱਚਮੁੱਚ ਨਸ਼ਿਆਂ ਖ਼ਿਲਾਫ਼ ਮੁਹਿੰਮ ਹੈ ਜਾਂ ਲੋਕਾਂ ਦੁਆਰਾ ਚੁਣੀ ਹੋਈ 'ਆਪ' ਸਰਕਾਰ ਖ਼ਿਲਾਫ਼ ਸਿਆਸੀ ਪ੍ਰਚਾਰ ਹੈ।
ਉਨ੍ਹਾਂ ਦਰਿਆਈ ਪਾਣੀਆਂ ਦੇ ਮੁੱਦੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਜਿਹੜੀ ਭਾਜਪਾ ਪੰਜਾਬ ਦੇ ਪਾਣੀ ਦੇ ਹੱਕ ਹਰਿਆਣਾ ਤੇ ਰਾਜਸਥਾਨ ਵੱਲ ਮੋੜਨ ਦੀਆਂ ਕੋਸ਼ਿਸ਼ਾਂ ਕਰਦੀ ਰਹੀ ਹੈ, ਉਹੀ ਅੱਜ ਪੰਜਾਬ ਦੀ ਜਵਾਨੀ ਲਈ ਹਮਦਰਦੀ ਦਿਖਾ ਰਹੀ ਹੈ, ਜੋ ਲੋਕਾਂ ਨੂੰ ਭਾਜਪਾ ਦਾ ਦੋਹਰਾ ਮਾਪਦੰਡ ਸਾਫ਼ ਨਜ਼ਰ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਕਾਲੇ ਕਾਨੂੰਨ ਲਿਆਉਣ ਵਾਲੀ ਪਾਰਟੀ ਨੂੰ ਕਦੇ ਸਵੀਕਾਰ ਨਹੀਂ ਕਰਨਗੇ, ਇਸੇ ਕਰਕੇ ਯਾਤਰਾ ਦੇ ਹਰ ਪੜਾਅ 'ਤੇ ਲੋਕ ਕਾਲੀਆਂ ਝੰਡੀਆਂ ਦਿਖਾ ਕੇ ਵਿਰੋਧ ਕਰ ਰਹੇ ਹਨ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਮਾਨ ਸਰਕਾਰ ਦੀ ਸ਼ਲਾਘਾ ਕਰਦਿਆਂ ਸ. ਰੱਖੜਾ ਨੇ ਕਿਹਾ ਕਿ ਸਾਫ਼ ਨੀਅਤ ਸਦਕਾ ਪੰਜਾਬ ਮੁੜ੍ਹ ਰੰਗਲਾ ਪੰਜਾਬ ਬਣਨ ਵੱਲ ਵੱਧ ਰਿਹਾ ਹੈ, ਜੋ ਵਿਰੋਧੀ ਧਿਰਾਂ ਨੂੰ ਹਜ਼ਮ ਨਹੀਂ ਹੋ ਰਿਹਾ। ਉਨ੍ਹਾਂ ਕਿਹਾ ਕਿ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਨਸ਼ਾ ਤਸਕਰਾਂ ਖ਼ਿਲਾਫ਼ ਕੀਤੇ ਵੱਡੇ ਐਕਸ਼ਨਾਂ ਦੇ ਇਤਿਹਾਸਿਕ ਅੰਕੜੇ ਖ਼ੁਦ ਗਵਾਹੀ ਭਰਦੇ ਹਨ।
ਸ. ਰੱਖੜਾ ਨੇ ਭਾਜਪਾ ਨੂੰ ਸੁਝਾਅ ਦਿੰਦਿਆਂ ਕਿਹਾ ਕਿ ਜੇਕਰ ਭਾਜਪਾ ਸੱਚਮੁੱਚ ਨਸ਼ਿਆਂ ਦੇ ਮੁੱਦੇ 'ਤੇ ਗੰਭੀਰ ਹੈ ਤਾਂ ਪਹਿਲਾਂ ਕੇਂਦਰ ਸਰਕਾਰ ਆਪਣੇ ਅਧੀਨ ਆਉਂਦੀ ਸਰਹੱਦ ਸੀਲ ਕਰੇ, ਹੋਰ ਭਾਜਪਾ ਸ਼ਾਸਿਤ ਰਾਜਾਂ ਵਿੱਚ ਵੀ ਨਸ਼ਿਆਂ ਖ਼ਿਲਾਫ਼ ਮੁਹਿੰਮ ਸ਼ੁਰੂ ਕਰੇ ਅਤੇ ਪੰਜਾਬ ਦੇ ਪਾਣੀਆਂ ਸੰਬੰਧੀ ਬਣਦੇ ਹੱਕਾਂ 'ਤੇ ਆਪਣਾ ਸਟੈਂਡ ਸਪੱਸ਼ਟ ਕਰੇ।
Tags:
ਪਟਿਆਲਾ