LIVE
◷
00:00:00
Loading...
IST
ADVERTISEMENT
ਤੁਹਾਡਾ Advertisement ਇੱਥੇ

ਸੰਸਦ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਵੱਲੋਂ ਫਗਵਾੜਾ ਵਿੱਚ ਕਰੋੜਾਂ ਰੁਪਏ ਦੇ ਵਿਕਾਸ ਕਾਰਜਾਂ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼

ਚੱਲ ਰਹੇ ਅਤੇ ਮੁਕੰਮਲ ਹੋ ਚੁੱਕੇ ਕਾਰਜਾਂ ਦੀ ਮੌਕੇ ’ਤੇ ਜਾਂਚ ਲਈ ਸੀਨੀਅਰ ਅਧਿਕਾਰੀਆਂ ਦੀ ਕਮੇਟੀ ਬਣਾਉਣ ਦੇ ਹੁਕਮ

ਫਗਵਾੜਾ, 25 ਸਤੰਬਰ (ਪਤਰਪ੍ਰੇਰਕ) - ਸੰਸਦ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਨੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ, ਲੋਕ ਨਿਰਮਾਣ ਵਿਭਾਗ, ਨਗਰ ਨਿਗਮ ਫਗਵਾੜਾ, ਪੰਜਾਬ ਮੰਡੀ ਬੋਰਡ ਅਤੇ ਹੋਰ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਫਗਵਾੜਾ ਵਿੱਚ ਚੱਲ ਰਹੇ ਸਾਰੇ ਸੜਕੀ ਬੁਨਿਆਦੀ ਢਾਂਚੇ ਦੇ ਵਿਕਾਸ ਕਾਰਜਾਂ ਨੂੰ ਤੇਜ਼ੀ ਨਾਲ ਮੁਕੰਮਲ ਕਰਨ ਦੇ ਹੁਕਮ ਦਿੰਦਿਆਂ ਉਨ੍ਹਾਂ ਕਿਹਾ ਕਿ ਸਾਰੇ ਕਾਰਜ ਨਿਰਧਾਰਤ ਸਮਾਂ-ਸੀਮਾ, ਗੁਣਵੱਤਾ ਮਾਪਦੰਡਾਂ ਅਤੇ ਲੋਕਾਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦਿਆਂ ਮੁਕੰਮਲ ਕੀਤੇ ਜਾਣ। ਫਗਵਾੜਾ ਵਿਖੇ ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਅਤੇ ਮੁਖੀਆਂ ਨਾਲ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਾ. ਚੱਬੇਵਾਲ ਨੇ ਵਿਧਾਇਕ ਡਾ. ਇਸ਼ਾਂਕ ਕੁਮਾਰ, ਮੇਅਰ ਰਾਮਪਾਲ ਉੱਪਲ, ਡਿਪਟੀ ਕਮਿਸ਼ਨਰ ਅਕਾਸ਼ ਬਾਂਸਲ, ਐਸ.ਐਸ.ਪੀ. ਗੌਰਵ ਤੂਰਾ ਅਤੇ ਏ.ਡੀ.ਸੀ. ਰਣਦੀਪ ਸਿੰਘ ਹੀਰ ਨਾਲ ਮਿਲ ਕੇ ਫਗਵਾੜਾ ਵਿੱਚ ਵੱਖ-ਵੱਖ ਵਿਭਾਗਾਂ ਵੱਲੋਂ ਕਈ ਕਰੋੜ ਰੁਪਏ ਦੀ ਲਾਗਤ ਨਾਲ ਚਲਾਏ ਜਾ ਰਹੇ ਵਿਕਾਸ ਪ੍ਰਾਜੈਕਟਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਅਧਿਕਾਰੀਆਂ ਨੂੰ ਆਪਸੀ ਤਾਲਮੇਲ ਨਾਲ ਕੰਮ ਕਰਦਿਆਂ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਵਿਕਾਸ ਕਾਰਜਾਂ ਨੂੰ ਪੂਰਾ ਕਰਨ ਵਿੱਚ ਕਿਸੇ ਕਿਸਮ ਦੀ ਬੇਲੋੜੀ ਦੇਰੀ ਨਾ ਹੋਵੇ। ਸੰਸਦ ਮੈਂਬਰ ਨੇ ਡਿਪਟੀ ਕਮਿਸ਼ਨਰ ਅਕਾਸ਼ ਬਾਂਸਲ ਨੂੰ ਸੀਨੀਅਰ ਅਧਿਕਾਰੀਆਂ ਦੀ ਇੱਕ ਕਮੇਟੀ ਗਠਿਤ ਕਰਨ ਲਈ ਕਿਹਾ, ਜੋ ਫਗਵਾੜਾ ਵਿੱਚ ਮੁਕੰਮਲ ਹੋ ਚੁੱਕੇ ਅਤੇ ਚੱਲ ਰਹੇ ਵਿਕਾਸ ਕਾਰਜਾਂ ਦੀ ਮੌਕੇ ’ਤੇ ਜਾ ਕੇ ਜਾਂਚ ਕਰੇਗੀ। ਕਮੇਟੀ ਵੱਲੋਂ ਪ੍ਰਾਜੈਕਟਾਂ ਦੀ ਜ਼ਮੀਨੀ ਪ੍ਰਗਤੀ ਦਾ ਜਾਇਜ਼ਾ ਲੈਣ, ਰੁਕਾਵਟਾਂ ਦੀ ਪਛਾਣ ਕਰਨ, ਕੰਮ ਦੀ ਗੁਣਵੱਤਾ ਦੀ ਜਾਂਚ ਕਰਨ ਅਤੇ ਰਿਪੋਰਟ ਪੇਸ਼ ਕਰਨ ਲਈ ਕਿਹਾ ਗਿਆ ਹੈ, ਤਾਂ ਜੋ ਜਿੱਥੇ ਵੀ ਲੋੜ ਹੋਵੇ, ਤੁਰੰਤ ਸੁਧਾਰਾਤਮਕ ਕਦਮ ਚੁੱਕੇ ਜਾ ਸਕਣ। ਡਾ. ਚੱਬੇਵਾਲ ਨੇ ਕਿਹਾ ਕਿ ਫਗਵਾੜਾ ਵਿੱਚ ਨਗਰ ਨਿਗਮ, ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ, ਪੰਜਾਬ ਮੰਡੀ ਬੋਰਡ, ਜਲ ਸਪਲਾਈ ਤੇ ਸੈਨੀਟੇਸ਼ਨ, ਪੀ.ਐਸ.ਪੀ.ਸੀ.ਐਲ., ਐਨ.ਐਚ.ਏ.ਆਈ., ਸਿੱਖਿਆ ਅਤੇ ਸਿਹਤ ਵਿਭਾਗਾਂ ਸਮੇਤ ਵੱਖ-ਵੱਖ ਵਿਭਾਗਾਂ ਰਾਹੀਂ ਕਈ ਕਰੋੜ ਰੁਪਏ ਦੇ ਵਿਕਾਸ ਪ੍ਰਾਜੈਕਟ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਹਲਕੇ ਦੇ ਸਮੁੱਚੇ ਵਿਕਾਸ ਅਤੇ ਲੋਕਾਂ ਨੂੰ ਸਮੇਂ ਸਿਰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਸਾਰੇ ਵਿਭਾਗਾਂ ਵਿਚਕਾਰ ਪ੍ਰਭਾਵਸ਼ਾਲੀ ਤਾਲਮੇਲ ਬੇਹੱਦ ਜ਼ਰੂਰੀ ਹੈ।

ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੂੰ ਚੱਲ ਰਹੇ ਕਾਰਜਾਂ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੰਦਿਆਂ ਡਾ. ਚੱਬੇਵਾਲ ਨੇ ਕਿਹਾ ਕਿ ਗਲੀਆਂ-ਨਾਲੀਆਂ ਦੀ ਉਸਾਰੀ, ਸੜਕਾਂ ਨੂੰ ਚੌੜਾ ਕਰਨਾ, ਸਟ੍ਰੀਟ ਲਾਈਟਾਂ ਲਗਾਉਣ, ਛੱਪੜਾਂ ਦੀ ਸਾਫ-ਸਫਾਈ ਅਤੇ ਨਵੀਨੀਕਰਨ, ਆਂਗਣਵਾੜੀ ਕੇਂਦਰਾਂ, ਹੈੱਲਥ ਐਂਡ ਵੈਲਨੈੱਸ ਸੈਂਟਰਾਂ, ਓਪਨ ਜਿੰਮਾਂ ਅਤੇ ਪਿੰਡ ਪੱਧਰ ਦੇ ਹੋਰ ਬੁਨਿਆਦੀ ਢਾਂਚੇ ਨਾਲ ਸਬੰਧਤ ਕਾਰਜ ਜਲਦ ਤੋਂ ਜਲਦ ਮੁਕੰਮਲ ਕੀਤੇ ਜਾਣ। ਉਨ੍ਹਾਂ ਅਧਿਕਾਰੀਆਂ ਨੂੰ ਗ੍ਰਾਮ ਪੰਚਾਇਤਾਂ ਨਾਲ ਨਿਯਮਤ ਤਾਲਮੇਲ ਬਣਾਈ ਰੱਖਣ ਅਤੇ ਵਿਕਾਸ ਕਾਰਜਾਂ ਨੂੰ ਲਾਗੂ ਕਰਦਿਆਂ ਉਨ੍ਹਾਂ ਨੂੰ ਭਰੋਸੇ ਵਿੱਚ ਲੈਣ ਲਈ ਵੀ ਕਿਹਾ। ਉਨ੍ਹਾਂ ਕਿਹਾ ਕਿ ਚੁਣੇ ਹੋਏ ਨੁਮਾਇੰਦਿਆਂ ਅਤੇ ਸਥਾਨਕ ਵਸਨੀਕਾਂ ਨਾਲ ਨਜ਼ਦੀਕੀ ਤਾਲਮੇਲ ਜ਼ਮੀਨੀ ਪੱਧਰ ’ਤੇ ਆਉਣ ਵਾਲੀਆਂ ਸਮੱਸਿਆਵਾਂ ਨੂੰ ਹੱਲ ਕਰਨ ਅਤੇ ਵਿਕਾਸ ਪ੍ਰਾਜੈਕਟਾਂ ਦਾ ਲਾਭ ਲੋਕਾਂ ਤੱਕ ਬਿਨਾਂ ਕਿਸੇ ਦੇਰੀ ਦੇ ਪਹੁੰਚਾਉਣ ਵਿੱਚ ਸਹਾਇਕ ਹੋਵੇਗਾ। ਉਨ੍ਹਾਂ ਸਬੰਧਤ ਵਿਭਾਗਾਂ ਨੂੰ ਵਿਕਾਸ ਕਾਰਜਾਂ ਦੀ ਨਿਯਮਤ ਨਿਗਰਾਨੀ ਕਰਨ ਅਤੇ ਨਿਰਧਾਰਤ ਸਮਾਂ-ਸੀਮਾ ਦੇ ਨਾਲ-ਨਾਲ ਕੰਮ ਦੀ ਗੁਣਵੱਤਾ ਦੇ ਮਾਪਦੰਡਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ ’ਤੇ ਵੀ ਜ਼ੋਰ ਦਿੱਤਾ। ਨੌਜਵਾਨਾਂ ਲਈ ਬਿਹਤਰ ਖੇਡ ਸਹੂਲਤਾਂ ਮੁਹੱਈਆ ਕਰਵਾਉਣ ਲਈ ਸਰਕਾਰ ਦੀ ਵਚਨਬੱਧਤਾ ਦਾ ਜ਼ਿਕਰ ਕਰਦਿਆਂ ਡਾ. ਚੱਬੇਵਾਲ ਨੇ ਕਿਹਾ ਕਿ ਅਗਲੇ 15 ਦਿਨਾਂ ਦੇ ਅੰਦਰ ਫਗਵਾੜਾ ਵਿੱਚ ਛੇ ਨਵੇਂ ਖੇਡ ਮੈਦਾਨ ਲੋਕਾਂ ਨੂੰ ਸਮਰਪਿਤ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਪਿੰਡਾਂ ਅਤੇ ਸਥਾਨਕ ਪੱਧਰ ’ਤੇ ਆਧੁਨਿਕ ਅਤੇ ਸੁਖਾਲੀਆਂ ਖੇਡ ਸਹੂਲਤਾਂ ਉਪਲਬਧ ਹੋਣ ਨਾਲ ਨੌਜਵਾਨਾਂ ਨੂੰ ਖੇਡਾਂ ਵਿੱਚ ਭਾਗ ਲੈਣ ਅਤੇ ਸਰੀਰਕ ਗਤੀਵਿਧੀਆਂ ਨਾਲ ਜੁੜਨ ਦੇ ਵਧੇਰੇ ਮੌਕੇ ਮਿਲਣਗੇ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਖੇਡ ਮੈਦਾਨਾਂ ਦਾ ਕੰਮ ਸਮੇਂ ਸਿਰ ਮੁਕੰਮਲ ਕਰਕੇ ਉਨ੍ਹਾਂ ਨੂੰ ਜਲਦ ਤੋਂ ਜਲਦ ਲੋਕਾਂ ਲਈ ਉਪਲਬਧ ਕਰਵਾਉਣ ਦੇ ਨਿਰਦੇਸ਼ ਦਿੱਤੇ।

ਡਾ. ਚੱਬੇਵਾਲ ਨੇ ਅੱਗੇ ਦੱਸਿਆ ਕਿ ਫਗਵਾੜਾ ਵਿੱਚ ਚਾਰ ਨਵੇਂ ਆਮ ਆਦਮੀ ਕਲੀਨਿਕ ਵੀ ਸਥਾਪਿਤ ਕੀਤੇ ਜਾ ਰਹੇ ਹਨ ਅਤੇ ਇਨ੍ਹਾਂ ਦਾ ਕੰਮ ਅੰਤਿਮ ਪੜਾਅ ’ਤੇ ਪਹੁੰਚ ਚੁੱਕਾ ਹੈ। ਉਨ੍ਹਾਂ ਕਿਹਾ ਕਿ ਇਹ ਕਲੀਨਿਕ ਸਥਾਨਕ ਮੁੱਢਲੀ ਸਿਹਤ ਸੇਵਾਵਾਂ ਦੇ ਢਾਂਚੇ ਨੂੰ ਹੋਰ ਮਜ਼ਬੂਤ ਕਰਨਗੇ ਅਤੇ ਵਸਨੀਕਾਂ ਨੂੰ ਮੁਫ਼ਤ ਓ.ਪੀ.ਡੀ. ਸਲਾਹ, ਦਵਾਈਆਂ ਸਮੇਤ ਹੋਰ ਸਿਹਤ ਸਹੂਲਤਾਂ ਆਸਾਨੀ ਨਾਲ ਉਪਲਬਧ ਕਰਵਾਉਣਗੇ। ਉਨ੍ਹਾਂ ਐਨ.ਐਚ.ਏ.ਆਈ. ਦੇ ਜਲੰਧਰ-ਲੁਧਿਆਣਾ ਡਿਵੀਜ਼ਨਾਂ ਨੂੰ ਫਗਵਾੜਾ ਵਿੱਚ ਹਾਈਵੇਅ ਦੇ ਪੂਰੇ ਹਿੱਸੇ ’ਤੇ ਸਟਰੀਟ ਲਾਈਟਾਂ ਦੇ ਚਾਲੂ ਰਹਿਣ ਨੂੰ ਯਕੀਨੀ ਬਣਾਉਣ ਦੇ ਨਾਲ-ਨਾਲ ਸਰਵਿਸ ਲੇਨਾਂ ਦੀ ਉਸਾਰੀ ਦਾ ਕੰਮ ਵੀ ਤੇਜ਼ੀ ਨਾਲ ਮੁਕੰਮਲ ਕਰਨ ਲਈ ਕਿਹਾ।ਸੰਸਦ ਮੈਂਬਰ ਨੇ ਕਿਹਾ ਕਿ ਸਾਰੇ ਵਿਕਾਸ ਕਾਰਜਾਂ ਦਾ ਮੁੱਖ ਉਦੇਸ਼ ਨਾਗਰਿਕ ਸਹੂਲਤਾਂ ਵਿੱਚ ਸੁਧਾਰ ਕਰਨਾ, ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨਾ ਅਤੇ ਇਹ ਯਕੀਨੀ ਬਣਾਉਣਾ ਹੈ ਕਿ ਫਗਵਾੜਾ ਦੇ ਵਸਨੀਕਾਂ ਨੂੰ ਇਨ੍ਹਾਂ ਪ੍ਰਾਜੈਕਟਾਂ ਦਾ ਲਾਭ ਸਮੇਂ ਸਿਰ ਅਤੇ ਪਾਰਦਰਸ਼ੀ ਢੰਗ ਨਾਲ ਮਿਲ ਸਕੇ।

Post a Comment

Previous Post Next Post

hw

Facebook Videos
CRIME NEWS
ਖ਼ਬਰਾਂ ਲੋਡ ਹੋ ਰਹੀਆਂ ਹਨ...

Global Samachar Web TV

ਪੰਜਾਬ ਅਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ, ਬ੍ਰੇਕਿੰਗ ਨਿਊਜ਼ ਅਤੇ ਮਹੱਤਵਪੂਰਨ ਅਪਡੇਟਸ ਨਾਲ ਹਮੇਸ਼ਾ ਜੁੜੇ ਰਹੋ।

ਤਾਜ਼ਾ ਖ਼ਬਰਾਂ ਸਿੱਧੀਆਂ ਆਪਣੀ Email 'ਤੇ ਪਾਓ

ਆਪਣੀ Email ਦਰਜ ਕਰੋ ਅਤੇ Global Samachar Web TV ਦੀਆਂ ਮਹੱਤਵਪੂਰਨ ਖ਼ਬਰਾਂ ਤੇ ਅਪਡੇਟਸ ਨਾਲ ਜੁੜੇ ਰਹੋ।

ਧੰਨਵਾਦ! ਤੁਹਾਡੀ Email ਸਫਲਤਾਪੂਰਵਕ ਦਰਜ ਹੋ ਗਈ ਹੈ।
ਤੁਹਾਡੀ Email ਜਾਣਕਾਰੀ ਸੁਰੱਖਿਅਤ ਰਹੇਗੀ।